Updated on September 8th, 2024
“ਤੁਸੀਂ ਮੇਰੇ ਕੋਲ ਆਏ ਅਤੇ ਇਹ ਤਹਿ ਕਰਕੇ ਆਏ ਕਿ ਇਹ ਆਦਮੀ ਸੰਤ ਹੈ , ਹੁਣ ਮੇਰੇ ਕੋਲੋਂ ਸਮਝਣ ਲਈ ਕੀ ਬਚਦਾ ਏ? ਤੁਸੀਂ ਤਹਿ ਕਰਕੇ ਆਏ ਕੇ ਇਹ ਆਦਮੀ ਸ਼ੈਤਾਨ ਹੈ, ਹੁਣ ਦੂਜਾ ਸਮਝਣ ਨੂੰ ਕੀ ਰਹਿ ਜਾਂਦਾ ਏ? ਤੁਸੀਂ ਤੇ ਸਮਝ ਕੇ ਹੀ ਆਏ ਹੋ ਅਤੇ ਜੋ ਤੁਸੀਂ ਸਮਝ ਕੇ ਆਏ ਤੁਸੀਂ ਉਸ ਵਿਚ ਹੋਰ ਵਾਧਾ ਕਰਕੇ ਮੁੜ ਜਾਵੋਗੇ ।ਜੇਕਰ ਤੁਸੀਂ ਸੰਤ ਮਨਕੇ ਆਏ ਹੋ ਤਾ ਕੁਝ ਹੋਰ ਜੋੜ ਲਾਵੋਗੇ ਕਿ ਹੈ ਸੰਤ ਤਾ ਹੈ, ਕਿਓਂਕਿ ਤੁਸੀਂ ਉਹੀ ਦੇਖ ਲਾਵੋਗੇ ਜੋ ਸੰਤ ਦੀ ਧਾਰਨਾ ਵਾਲਾ ਦੇਖ ਸਕਦਾ ਹੈ, ਇਸੇ ਤਰਾਂ ਜੇ ਤੁਸੀਂ ਸ਼ੈਤਾਨ ਸਮਝ ਕੇ ਆਏ ਤਾ ਮੈਨੂੰ ਥੋੜਾ ਹੋਰ ਸ਼ੈਤਾਨ ਬਣਾ ਕੇ ਮੁੜੋਗੇ । ਤੇ ਹੋ ਸਕਦਾ ਦੋ ਆਦਮੀ, ਇਕੱਠੇ ਮੇਰੇ ਕੋਲ ਆਉਣ ਤੇ ਮੈਂ ਇਕ ਲਈ ਸੰਤ ਹੋ ਜਾਵਾ ਤੇ ਦੂਜੇ ਲਈ ਸ਼ੈਤਾਨ, ਇਸ ਵਿਚ ਮੇਰਾ ਕੁਝ ਲੈਣਾ ਦੇਣਾ ਨਹੀਂ, ਕਿਓਂਕਿ ਮੈਂ ਜੋ ਹੈ, ਬਸ ਹਾਂ । ਉਸ ਵਿਚ ਸੰਤ ਤੇ ਸ਼ੈਤਾਨ ਦਾ ਹਿਸਾਬ ਤੁਹਾਡਾ ਹੈ ,”
ਰਜਨੀਸ਼ ਅਜੋਕੀ ਸਦੀ (20ਵੀ) ਦੇ ਸਭ ਤੋਂ ਵਿਵਾਦਗ੍ਰਸਥ ਇਕ ਐਸੀ ਸਖਸ਼ੀਅਤ ਸਨ ਜੋ ਸਮਝਣ ਜੋਗ ਸਨ ਤੇ ਜਿਸ ਨੂੰ ਸਭ ਤੋਂ ਘੱਟ ਸਮਝਣ ਦੀ ਕੋਸ਼ਿਸ ਕੀਤੀ ਗਈ। ਅਜੋਕੇ ਮਨੁੱਖ ਦੀ ਵਿਆਖਿਆ ਤੋਂ ਲੈ ਕੇ ਹਰ ਸਮਕਾਲੀ ਮਸਲੇ ਨੂੰ ਉਹਨਾਂ ਬੜੇ ਹੀ ਤਰਕਜੁਕਤ ਲਹਿਜੇ ਨਾਲ ਕਹਿਣ ਦਾ ਜਤਨ ਕੀਤਾ। ਧਰਮ ਜਿਸ ਦਾ ਪ੍ਰਵਾਹ ਹਮੇਸ਼ਾ ਹੀ ਮਨੁੱਖ ਦੇ ਅੰਦਰ ਰਿਹਾ ਹੈ, ਉਸ ਨੂੰ ਨਵੇਂ ਸਿਰਿਓਂ, ਨਵੀਆਂ ਧਾਰਨਾਵਾਂ, ਨਵੇਂ ਪਹਿਲੂਆਂ ਤੋਂ ਕਹਿਣ ਦਾ ਨਾਂ ਸੀ ਰਜਨੀਸ਼ ।
ਉਹ ਵਿਅਕਤੀ ਨੂੰ ਉਸਦੀ ਬੁਨਿਆਦ ਤਕ ਬਦਲ ਦੇਣਾ ਚਾਹੁੰਦੇ ਸਨ। ਮਨੁੱਖੀ ਚੇਤਨਾ ਨੂੰ ਇਕ ਅਜੇਹੀ ਸਥਿਤੀ ਵਿਚ ਲੈ ਜਾਣਾ ਚਾਹੁੰਦੇ ਸਨ ਜਿਥੇ ਹੋਰ ਕੁਝ ਵੀ ਨਹੀਂ ਹੁੰਦਾ ਬੱਸ ਇਕ ਲੈਅਬੰਦ ਅਹਿਸਾਸ ਬਚਦਾ ਏ ਤੇ ਉਹੀ ਅਹਿਸਾਸ ਜਿਉਂਣ ਜਿਹਾ ਹੁੰਦਾ ਹੈ।
ਮਨੁੱਖ ਦੇ ਬਾਹਰੀ ਆਚਰਣ ਦੇ ਬਦਲ ਜਾਣ ਨਾਲ ਕੁਝ ਵੀ ਨਹੀਂ ਹੁੰਦਾ, ਮਨੁੱਖ ਦੇ ਸ਼ਬਦ ਬਦਲਣ ਨਾਲ ਜਾਂ ਉਸ ਦਾ ਪਹਿਰਾਵਾ ਬਦਲ ਜਾਣ ਨਾਲ ਵੀ ਕੁਝ ਨਹੀਂ ਹੁੰਦਾ। ਬਲਕਿ ਉਸ ਦੀ ਅੰਤਰਆਤਮਾ ਬਦਲਣੀ ਚਾਹੀਦੀ ਹੈ ਪਰ ਅਸੀਂ ਹਜ਼ਾਰਾਂ ਸਾਲਾਂ ਤੋਂ ਸ਼ਬਦਾਂ ਨੂੰ ਬਦਲਣ, ਕੰਮਾਂ ਨੂੰ ਬਦਲਣ ਜਾਂ ਕੱਪੜਿਆਂ ਜਾਂ ਪਹਿਰਾਵੇ ਨੂੰ ਬਦਲਣ ਵਿਚ ਏਨੇ ਵਿਅਸਤ ਹੋ ਗਏ ਕਿ ਸਾਨੂੰ ਭੁੱਲ ਹੀ ਗਿਆ ਕਿ ਕੱਪੜਿਆਂ, ਸ਼ਬਦਾਂ ਤੇ ਕੰਮਾਂ ਨੂੰ ਬਦਲਣ ਤੋਂ ਬਿਨਾ ਵੀ ਕੁਝ ਹੈ ਜੋ ਬਦਲਣ ਜੋਗ ਹੈ, ਕੋਈ ਚੇਤਨਾ, ਕੋਈ ਆਤਮਾ ਜੋ ਬਦਲਣੀ ਚਾਹੀਦੀ ਹੈ।
ਰਜਨੀਸ਼ ਦਾ ਰੱਬ ਕਿਸੇ ਆਸਮਾਨ ਵਿਚ ਜਾਂ ਮੂਰਤੀਆਂ ਜਾਂ ਇਲਾਹੀ ਫਰਮਾਨ ਦਾ ਦਾਅਵਾ ਕਰਦੀਆਂ ਕਿਤਾਬਾਂ ਵਿਚ ਨਹੀਂ ਵੱਸਦਾ, ਸਗੋਂ ਉਹ ਤੇ ਹਰ ਪਾਸੇ ਪਸਰੀ ਹੋਂਦ ਹੈ । ਉਹ ਕੋਈ ਵਿਅਕਤੀ ਨਹੀਂ ਸਗੋਂ “ਪ੍ਰਮਾਤਮਾ ਉਸ ਸਭ ਕੁਝ ਦਾ ਨਾਂ ਹੈ ਜੋ ਹੈ”
ਅੱਜ ਦਾ ਜੁੱਗ ਵਿਚਾਰ ਦਾ ਜੁੱਗ ਹੈ, ਦੁਨੀਆ ਅੰਦਰ ਵਿਚਾਰ ਤੇ ਤਰਕ ਨੂੰ ਆਧਾਰ ਬਣਾ ਕਿ ਵਿਗਿਆਨ ਨੇ ਨਵੀਆਂ ਕੀਮਤਾਂ ਸਥਾਪਤ ਕੀਤੀਆਂ ਹਨ। ਇਸੇ ਹੀ ਸੰਦਰਭ ਵਿਚ ਕਈ ਵਾਰੀ ਧਰਮ ਸੰਬੰਧੀ ਪੁਰਾਣੀਆਂ ਧਾਰਨਾਵਾਂ ਅਰਥਹੀਣ ਹੋ ਕੇ ਰਹਿ ਜਾਂਦੀਆਂ ਹਨ। ਧਰਮ ਦੀਆ ਪੁਰਾਣੀਆਂ ਤੇ ਮੁਰਦਾ ਧਾਰਨਾਵਾਂ ਪ੍ਰਤੀ ਇਕ ਸੰਘਰਸ਼, ਇਕ ਅਸਹਿਮਤੀ ਦੀ ਪਹੁੰਚ ਅਪਣਾਉਂਦਿਆਂ ਰਜਨੀਸ਼ ਨੇ ਧਰਮ ਦੀ ਨਵੀ ਤੇ ਵਿਗਿਆਨਕ ਵਿਆਖਿਆ ਕਰਨ ਦਾ ਜਤਨ ਕੀਤਾ ਹੈ। ਉਹਨਾਂ ਕਿਹਾ ਕਿ ਜੀਵਨ ਜਾਂ ਜੀਵਨ ਦੀਆ ਹਕੀਕਤਾਂ ਪ੍ਰਤੀ ਜੇ ਸਾਡੀ ਪਹੁੰਚ, ਸਾਡੀ ਦ੍ਰਿਸ਼ਟੀ ਇਕ ਅੰਨੇ ਵਿਸਵਾਸ਼ ਦੀ ਰਹੀ ਅਸੀਂ ਕਦੇ ਵੀ ਝੂਠ ਤੋਂ ਉਪਰ ਨਹੀਂ ਉੱਠ ਸਕਦੇ। ਧਰਮ ਦਾ ਇਕ ਬੁਨਿਆਦੀ ਭੇਦ ਹੈ ਕਿ ਕੋਈ ਕਿਸੇ ਨੂੰ ਧਰਮ ਨਹੀਂ ਦੇ ਸਕਦਾ ਤੇ ਇਹੀ ਭੇਦ ਕੀਮਤੀ ਹੈ। ਰਜਨੀਸ਼ ਨੇ ਅਪਣੇ ਫ਼ਲਸਫ਼ੇ ਵਿਚ ਵਾਰ ਵਾਰ ਕਿਹਾ ਹੈ ਕਿ ਸ਼ਰਧਾ ਨਹੀਂ ਬਲਕਿ ਪ੍ਰਜੋਗ ਕਰੋ, ਕਿੰਨੇ ਵੀ ਮਹਾਤਮਾ, ਕਿੰਨੇ ਵੀ ਪੈਗੰਬਰ ਕੁਝ ਵੀ ਕਹਿਣ ਨਹੀਂ ਮੰਨਨਾ ਕਿਓਂਕਿ ਖ਼ਤਰਾ ਹੈ ਕਿ ਜੇ ਤੁਸੀਂ ਉਹਨਾਂ ਦੀ ਕਹੀ ਮੰਨ ਲਈ ਤਾ ਤੁਹਾਡੀ ਖੋਜ ਬੰਦ ਹੋ ਜਾਵੇਗੀ।
ਉਹ ਸਮਾਜ ਦੀ ਬਜਾਏ ਵਿਅਕਤੀ ਨੂੰ ਉਭਾਰਨਾ ਚਾਹੁੰਦੇ ਸਨ। ਵਿਅਕਤੀ ਨੂੰ ਬਦਲਣਾ, ਸਮਾਜ ਨੂੰ ਬਦਲਣਾ ਹੋ ਸਕਦਾ ਹੈ ਪਰ ਤਬਦੀਲੀ ਦੀ ਸ਼ੁਰੂਆਤ , ਤਬਦੀਲੀ ਦਾ ਬੁਨਿਆਦੀ ਜ਼ੋਰ ਵਿਅਕਤੀ ਤੇ ਹੀ ਹੋ ਸਕਦਾ ਹੈ ਤੇ ਹੋਣਾ ਚਾਹੀਦਾ ਹੈ। ਧਰਮ ਦੇ ਸੰਬੰਧ ਵਿਚ ਇਕ ਬੁਨਿਆਦੀ ਗ਼ਲਤੀ ਜੋ ਰਹੀ ਹੈ ਉਹ ਇਹ ਕਿ ਧਰਮ ਵਿਅਕਤੀਆਂ ਤੋਂ ਸ਼ੁਰੂ ਹੋਇਆ ਪਰ ਸਮਾਜ ਬਣਕੇ ਰਹਿ ਗਿਆ। ਸਮਾਜ ਜੋ ਅਕਸਰ ਇਕ ਭੀੜ ਦੀ ਸਕਲ ਅਖਤਿਆਰ ਕਰ ਲੈਂਦਾ ਹੈ ਤੇ ਚੇਤਨਾ ਦੀਆ ਉਹ ਕੀਮਤਾਂ ਜੋ ਵਿਅਕਤੀ ਤਕ ਹੀ ਸਾਰਥਕ ਹੋ ਸਕਦੀਆਂ ਹਨ, ਅਰਥਹੀਣ ਹੋ ਕਿ ਰਹਿ ਜਾਂਦੀਆਂ ਹਨ। ਇਹੀ ਕਰਨ ਹੈ ਕਿ ਸਾਡੇ ਸੰਤ, ਪੈਗੰਬਰ ਜਾਂ ਹੋਰ ਮਹਾਪੁਰਸ਼ ਜਿਸ ਜੀਵਨ ਢੰਗ ਨੂੰ ਲੈ ਕਿ ਸਾਡੇ ਵਿਚ ਵਿਚਰਦੇ ਰਹੇ, ਉਹਨਾਂ ਪਿੱਛੋਂ ਉਹਨਾਂ ਦੇ ਪੈਰੋਕਾਰ ਅਕਸਰ ਉਸ ਦੀ ਨਕਲ ਤੇ ਕਰਦੇ ਰਹੇ ਪਰ ਕਿਓਂਕਿ ਬੁਨਿਆਦੀ ਤੋਰ ਤੇ ਉਹ ਚੇਤਨਾ ਦੀਆ ਗਹਿਰਾਈਆਂ ਤੋਂ ਅਣਜਾਣ ਸਨ, ਇਸੇ ਕਰਕੇ ਧਰਮ ਇਕ ਪਾਖੰਡ ਦਾ ਰੂਪ ਧਾਰਨ ਕਰਦਾ ਰਿਹਾ।
ਰਜਨੀਸ਼ ਦੇ ਲਫ਼ਜਾ ਵਿਚ ਸੰਨਿਆਸ ਸਭ ਤੋਂ ਵੱਡਾ ਵਿਦਰੋਹ ਹੈ, ਦੁਨੀਆਂ ਪ੍ਰਤੀ, ਸਮਾਜ ਪ੍ਰਤੀ, ਸੱਭਿਅਤਾ ਪ੍ਰਤੀ, ਉਹਨਾਂ ਕਿਹਾ ਕਿ ਸੰਨਿਆਸ ਸਵੈ ਤੋਂ, ਸਵੈ ਵਿਚ ਤੇ ਸਵੈ ਦੁਆਰਾ ਇਕ ਕ੍ਰਾਂਤੀ ਹੈ ।
ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੇ ਖੂਬਸੂਰਤ ਲਫ਼ਜਾ ਵਿਚ ਰਜਨੀਸ਼ ਦੇ ਵਿਅਕਤੀਤਵ ਬਾਰੇ ਕਿਹਾ ਹੈ i ਉਹਨਾਂ ਲਿਖਿਆ ਹੈ ਕਿ ਜਿਥੇ ਦੋ ਵਕਤ ਮਿਲਦੇ ਹਨ, ਜਿਥੇ ਮੀਰਾ ਦਾ ਨਾਚ ਤੇ ਬੁੱਧ ਦਾ ਮੋਨ ਮਿਲਦਾ ਹੈ ਉਥੇ ਰਜਨੀਸ਼ ਦੇ ਚਿੰਤਨ ਦੀ ਪਹਿਚਾਣ ਮਿਲਦੀ ਹੈ। ਜਿਥੇ ਧਰਮ ਤੇ ਵਿਗਿਆਨ ਮਿਲਦੇ ਹਨ, ਜਿਥੇ ਜਿੰਦਗੀ ਤੇ ਸੰਨਿਆਸ ਦੇ ਸਵੀਕਾਰ ਮਿਲਦੇ ਹਨ, ਉਥੇ ਰਜਨੀਸ਼ ਦੇ ਚਿੰਤਨ ਦੀ ਪਹਿਚਾਣ ਮਿਲਦੀ ਹੈ। ਰਜਨੀਸ਼ ਦੇ ਅਪਣੇ ਲਫ਼ਜਾ ਵਿਚ “ਸੰਨਿਆਸ ਸੰਸਾਰ ਤੋਂ ਇਨਕਾਰੀ ਹੋਣ ਦਾ ਨਾ ਨਹੀਂ ਬਲਕਿ ਉਸ ਨੂੰ ਸਵੀਕਾਰ ਕਰਨ ਦਾ ਨਾ ਹੈ“। ਅੰਮ੍ਰਿਤਾ ਪ੍ਰੀਤਮ ਨੇ ਰਜਨੀਸ਼ ਬਾਰੇ ਲਿਖਿਆ ਹੈ ਕਿ ਰਜਨੀਸ਼ ਇਕ ਸੰਕੇਤ ਹੈ, ਸਿਰਫ ਦੂਰ ਕਿਸੇ ਮੰਜਿਲ ਵੱਲ ਹੀ ਨਹੀਂ, ਉਸ ਰਾਹ ਵੱਲ ਵੀ, ਜਿਹੜਾ ਰਾਹ ਚੇਤਨਾ ਦੀ ਕ੍ਰਾਂਤੀ ਵੱਲ ਜਾਂਦਾ ਹੈ।
ਤਕਰੀਬਨ ਚਾਰ ਦਹਾਕਿਆਂ ਤਕ ਅਪਣੇ ਕਾਰਜ ਵਿਚ ਜੁਟੇ ਰਹਿਣ ਪਿੱਛੋਂ ਰਜਨੀਸ਼ ਨੇ ਕਿਹਾ ਸੀ ” ਸੁਣ ਸਕੋ ਤੇ ਸੁਣੋ, ਥੋੜਾ ਚਿਰ ਹੋਰ ਪੁਕਾਰਾਂਗਾ ਤੇ ਚਲਾ ਜਾਵਾਂਗਾ” ਪਿਆਰ ਦਾ ਇਹ ਸੁਨੇਹਾ ਦੁਨੀਆ ਦੇ ਹਰ ਹਿਸੇ ਵਿਚ, ਰਾਸ਼ਟਰੀ ਹੱਦ ਨੂੰ ਤੋੜ ਕੇ ਮਨੁੱਖੀ ਚੇਤਨਾ ਤਕ ਪਹੁੰਚਿਆ। ਦੁਨੀਆਂ ਦੇ ਅਣਜਾਣ ਹਿਸਿਆਂ ਤੋਂ ਹਜ਼ਾਰਾਂ ਲੋਕ ਉਸ ਚੇਤਨਾ ਦੁਆਲੇ ਇਕੱਠੇ ਹੋਏ ਤੇ ਹਮੇਸ਼ਾ ਲਈ ਉਸ ਦੇ ਹੋ ਕੇ ਰਹਿ ਗਏ। ਰਜਨੀਸ਼ ਨੇ ਕਿਹਾ ਸੀ ਜਿਹੜੇ ਲੋਗ ਸਚਾਈ ਨੂੰ ਲੱਭਣ ਨਿਕਲਦੇ ਨੇ, ਨਾ ਉਹਨਾਂ ਦਾ ਕੋਈ ਦੇਸ਼ ਹੁੰਦਾ ਹੈ, ਨਾ ਪ੍ਰਦੇਸ਼ ਹੁੰਦਾ ਹੈ, ਨਾ ਕੋਈ ਆਪਣਾ ਹੁੰਦਾ ਹੈ ਨਾ ਪਰਾਇਆ।
ਰਜਨੀਸ਼ ਅੱਜ ਸਾਡੇ ਦਰਮਿਆਨ ਨਹੀਂ ਰਹੇ, ਨਹੀਂ ਰਹੇ ਅਜਿਹਾ ਨਹੀਂ ਕਹਿਣਾ ਚਾਹੀਦਾ। ਚੇਤਨਾ ਦਾ ਅਹਿਸਾਸ ਜੋ ਨਾ ਕਦੇ ਜਾਮਿਆ ਤੇ ਨਾ ਹੀ ਮਾਰਿਆ, ਇਕ ਨਿਰੰਤਰ ਹੋਣੀ ਦਾ ਨਾਂ ਹੈ। ਉਹ ਤੇ ਜੀਵਨ ਦੀ ਲੈਬੱਧਤਾ ਹੈ ਜੋ ਕੁਦਰਤ ਦੇ ਹਰ ਜਰਹੈ ਵਿਚ ਵਿਚਰ ਰਹੀ ਹੈ। ਰਜਨੀਸ਼ ਨੇ ਕਿਹਾ ਸੀ “ਮੈਂ ਚਾਹੁੰਦਾ ਹਾ, ਮੇਰਾ ਸਨਿਆਸੀ ਪੂਰਾ ਮਨੁੱਖ ਹੋਵੇ , ਉਸ ਵਿਚ ਮਾਰੂਥਲ ਜਿਹੀ ਸ਼ਾਂਤੀ ਵੀ ਹੋਵੇ, ਸਨਾਟਾ ਵੀ ਹੋਵੇ, ਵਿਸਥਾਰ ਵੀ ਹੋਵੇ, ਫੁੱਲ ਵੀ ਹੋਣ , ਝਰਨੇ ਵੀ ਹੋਣ, ਕੋਇਲ ਵੀ ਬੋਲੇ, ਪਪੀਹਾ ਵੀ ਪੁਕਾਰੇ, ਉਹ ਅਪਣੇ ਆਪ ਨੂੰ ਪਹਿਚਾਣੇ ਤੇ ਵਿਸਥਾਰ ਨੂੰ ਵੀ, ਕਦੇ ਅੱਖ ਬੰਦ ਕਰਕੇ ਤੇ ਕਦੇ ਅੱਖ ਖੋਲ ਕੇ ਕਿਓਂਕਿ ਬਾਹਰ ਵੀ ਓਹੀ ਹੈ ਤੇ ਅੰਦਰ ਵੀ ਓਹੀ ਹੈ।
.. initially published in local Punjabi paper in December, 1994